‘‘ਮਨੁ ਹਾਲੀ ਕਿਰਸਾਣੀ ਕਰਣੀ” ਵਿੱਚ ਗੁਰੂ ਸਾਹਿਬ ਜੀ ਨੇ ਜਿੱਥੇ ਖੇਤੀ ਨੂੰ ਪ੍ਰਤੀਕ ਬਣਾ ਕੇ ਰੂਹਾਨੀਅਤ ਦੇ ਨਾਲ ਜੋੜਿਆ ਹੈ, ਉੱਥੇ ਹੀ ਖੇਤੀ ਪ੍ਰਧਾਨ ਦੇਸ਼ ਦੇ ਵਾਸੀ ਹੋਣ ਦੇ ਨਾਲ-ਨਾਲ ਖੇਤੀ ਇੱਕ ਅਤਿ ਉੱਤਮ ਕਿਰਤ ਵੀ ਹੈ। ਮੌਜੂਦਾ ਖੇਤੀ ਦੇ ਕਿੱਤੇ ਵਿੱਚ ਹਰ ਪੱਖੋਂ ਨਿਘਾਰ ਆਇਆ ਹੈ। ਕਿਸਾਨ ਦੀ ਆਰਥਿਕਤਾ ਅਤੇ ਖੇਤੀ ਉਤਪਾਦਾਂ ਦੀ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕਰਕੇ ਜ਼ਹਿਰੀਲੀ ਹੋਣਾ ਦੋ ਬੜੇ ਮਾਰੂ ਪ੍ਰਭਾਵ ਸਾਡੇ ਜਨਜੀਵਨ ’ਤੇ ਪਾ ਰਹੇ ਹਨ। ਇਸ ਨੂੰ ਸਿਹਤ ਦੇਣ ਲਈ ਯੂਨੀਵਰਸਿਟੀਆਂ ਦੇ ਮਾਹਿਰ ਸਾਇੰਸਦਾਨਾਂ ਦੇ ਨਾਲ ਤਾਲਮੇਲ ਕਰਕੇ ਬੜੇ ਵੱਡੇ-ਵੱਡੇ ਪ੍ਰੋਜੈਕਟ ਆਰੰਭੇ ਹੋਏ ਹਨ। ਅਨੇਕਾਂ ਸੈਮੀਨਾਰ ਕਰਵਾ ਕੇ ਕਿਰਸਾਨੀ ਦੇ ਹਰ ਪੱਖ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਰਸਾਇਣਿਕ ਖਾਦਾਂ ਅਤੇ ਹੋਰ ਦਵਾਈਆਂ ਦੀ ਵਰਤੋਂ ਤੋਂ ਬਗੈਰ ਅਨੇਕਾਂ ਪ੍ਰਯੋਗ ਕਰਕੇ ਨੌਜਵਾਨ ਵਰਗ ਨੂੰ ਖੇਤੀ ਦੇ ਨਵੇਂ ਢੰਗਾਂ ਬਾਰੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਬਾਬਾ ਸਾਹਿਬ ਸਿੰਘ ਜੀ ਸ਼ਹੀਦ ਕੁਦਰਤੀ ਖੇਤੀ ਫਾਰਮ ਵਿਖੇ ਕਿਸਾਨਾਂ ਨੂੰ ਕੁਦਰਤੀ ਖੇਤੀ ਸਬੰਧੀ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਕੁਦਰਤੀ ਖੇਤੀ ਕਿਸਾਨਾਂ ਪਾਸੋਂ ਕਰਵਾ ਕੇ ਸਾਰੇ ਪੰਜਾਬ ਲਈ ਇਹ ਸੰਸਥਾ ਪ੍ਰੇਰਣਾ ਸ੍ਰੋਤ ਬਣ ਰਹੀ ਹੈ। ਪਿੰਡ ਖੋਸਾ ਪਾਂਡੋ ਨੂੰ ਖੇਤੀ ਦੇ ਪੱਖ ਤੋਂ ਜ਼ਹਿਰ ਮੁਕਤ ਪਿੰਡ ਬਣਾਉਣ ਲਈ ਸੰਸਥਾ ਵੱਲੋਂ ਟੀਚਾ ਮਿੱਥਿਆ ਗਿਆ ਹੈ। ਜੋ ਅਗਲੇ ਕੁੱਝ ਸਾਲਾਂ ਤੱਕ ਪੂਰਾ ਕਰ ਲਿਆ ਜਾਵੇਗਾ।